ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਸਤਿ ਨਾਮੁ = ਜਿਸ ਦਾ ਨਾਮ 'ਸਤਿ' ਹੈ। ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ'। ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ'। ਸੋ 'ਸਤਿਨਾਮ' ਦਾ ਅਰਥ ਹੈ "ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ। ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, 'ਪੂਰਿ ਸ਼ੇਤੇ ਇਤਿ ਪੁਰੁਸ਼ਹ', ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ'। ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ 'ਮਨੁੱਖ'। ਭਗਵਤ ਗੀਤਾ ਵਿਚ 'ਪੁਰਖੁ' 'ਆਤਮਾ' ਦੇ ਅਰਥਾਂ ਵਿਚ ਵਰਤਿਆ ਗਿਆ ਹੈ। 'ਰਘੂਵੰਸ਼' ਵਿਚ ਇਹ ਸ਼ਬਦ 'ਬ੍ਰਹਮਾਂਡ ਵਾ ਆਤਮਾ' ਦੇ ਅਰਥਾਂ ਵਿਚ ਆਇਆ ਹੈ, ਇਸੇ ਤਰ੍ਹਾਂ ਪੁਸਤਕ "ਸ਼ਿਸ਼ੂਪਾਲ ਵਧ" ਵਿਚ ਭੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪੁਰਖੁ' ਦਾ ਅਰਥ ਹੈ 'ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ'। 'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ। ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ, 'ਅਕਾਲ' ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ', 'ਨਿਰਭਉ', ਨਿਰਵੈਰੁ' ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ (ੁ) ਹੁੰਦਾ। ਲਫ਼ਜ਼ 'ਮੂਰਤੁ' ਸੰਸਕ੍ਰਿਤ ਦਾ ਲਫ਼ਜ਼ 'ਮੁਹੂਰਤ' ਹੈ। ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ। {ਨੋਟ: ਸ਼ਬਦ 'ਮੂਰਤਿ' ਤੇ 'ਮੂਰਤੁ' ਦਾ ਭੇਦ ਜਾਨਣਾ ਜ਼ਰੂਰੀ ਹੈ। 'ਮੂਰਤਿ' ਸਦਾ (ਿ) ਨਾਲ ਲਿਖੀਦਾ ਹੈ ਅਤੇ ਇਸਤ੍ਰੀ ਲਿੰਗ ਹੈ। ਇਸ ਦਾ ਅਰਥ ਹੈ 'ਸਰੂਪ'। ਸੰਸਕ੍ਰਿਤ ਦਾ ਸ਼ਬਦ ਹੈ}। ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ। ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ। ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ 'ੴ' ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ)।
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
'ਜਪੁ' ਬਾਣੀ ਦਾ ਨਾਮ ਹੈ।ਜਪੁ = ਇਸ ਸਾਰੀ ਬਾਣੀ ਦਾ ਨਾਮ 'ਜਪੁ' ਹੈ।
Chant And Meditate:
ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ।ਆਦਿ = ਮੁੱਢ ਤੋਂ। ਸਚੁ = ਹੋਂਦ ਵਾਲਾ। ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ। 'ਅਸ' ਦਾ ਅਰਥ ਹੈ 'ਹੋਣਾ'। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਹੈ = ਭਾਵ, ਇਸ ਵੇਲੇ ਭੀ ਹੈ।
True In The Primal Beginning. True Throughout The Ages.
ਹੇ ਨਾਨਕ! ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ॥੧॥ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ॥੧॥
True Here And Now. O Nanak, Forever And Ever True. ||1||
ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ।
By thinking, He cannot be reduced to thought, even by thinking hundreds of thousands of times.
ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।
By remaining silent, inner silence is not obtained, even by remaining lovingly absorbed deep within.
ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।
The hunger of the hungry is not appeased, even by piling up loads of worldly goods.
ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।
Hundreds of thousands of clever tricks, but not even one of them will go along with you in the end.
(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।
So how can you become truthful? And how can the veil of illusion be torn away?
ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥੧॥ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ॥੧॥
O Nanak, it is written that you shall obey the Hukam of His Command, and walk in the Way of His Will. ||1||
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।
By His Command, bodies are created; His Command cannot be described.
ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।
By His Command, souls come into being; by His Command, glory and greatness are obtained.
ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।
By His Command, some are high and some are low; by His Written Command, pain and pleasure are obtained.
ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
Some, by His Command, are blessed and forgiven; others, by His Command, wander aimlessly forever.
ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ।
Everyone is subject to His Command; no one is beyond His Command.